ਘੁਟਾਲੇ ਹਰ ਜਗ੍ਹਾ ਹੋ ਰਹੇ ਹਨ, ਇਹ ਜੀਵਨ ਦੇ ਹਰ ਖੇਤਰ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਹਰ ਸਾਲ ਆਸਟ੍ਰੇਲੀਆ ਦੇ ਲੋਕਾਂ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੁੰਦਾ ਹੈ। ਭਾਵੇਂ ਇਹ ਜਾਅਲੀ ਈਮੇਲਾਂ, ਅਚਾਨਕ ਫ਼ੋਨ ਕਾਲਾਂ ਜਾਂ ਔਨਲਾਈਨ ਸਕੀਮਾਂ ਹੋਣ, ਘੁਟਾਲੇ ਕਰਨ ਵਾਲੇ ਹਮੇਸ਼ਾ ਤੁਹਾਡਾ ਭਰੋਸਾ ਹਾਸਲ ਕਰਨ ਅਤੇ ਤੁਹਾਡੇ ਪੈਸੇ ਜਾਂ ਨਿੱਜੀ ਜਾਣਕਾਰੀ ਨੂੰ ਚੋਰੀ ਕਰਨ ਦੇ ਨਵੇਂ ਤਰੀਕੇ ਲੱਭਦੇ ਹਨ। ਪਰ ਇਹ 3 ਸਧਾਰਨ ਕਦਮ ਸਾਨੂੰ ਸਭ ਨੂੰ ਘੁਟਾਲੇਬਾਜ਼ਾਂ ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਕਰ ਸਕਦੇ ਹਨ।
On this page
ਆਪਣੇ ਆਪ ਨੂੰ ਘੁਟਾਲਿਆਂ ਤੋਂ ਬਚਾਉਣ ਲਈ ਤਿੰਨ ਕਦਮ
STOP.
ਰੁਕੋ
ਜੇਕਰ ਯਕੀਨ ਨਾ ਹੋਵੇ ਤਾਂ ਕਿਸੇ ਨੂੰ ਪੈਸੇ ਜਾਂ ਨਿੱਜੀ ਜਾਣਕਾਰੀ ਨਾ ਦਿਓ।
ਘੁਟਾਲੇਬਾਜ਼ ਤੁਹਾਡੀ ਮਦਦ ਕਰਨ ਦੀ ਪੇਸ਼ਕਸ਼ ਕਰਨਗੇ ਜਾਂ ਤੁਹਾਨੂੰ ਇਹ ਪੁਸ਼ਟੀ ਕਰਨ ਲਈ ਕਹਿਣਗੇ ਕਿ ਤੁਸੀਂ ਕੌਣ ਹੋ। ਉਹ ਉਹਨਾਂ ਸੰਸਥਾਵਾਂ ਤੋਂ ਹੋਣ ਦਾ ਦਿਖਾਵਾ ਕਰਨਗੇ ਜਿਹਨਾਂ ਨੂੰ ਤੁਸੀਂ ਜਾਣਦੇ ਹੋ ਅਤੇ ਜਿਹਨਾਂ 'ਤੇ ਭਰੋਸਾ ਕਰਦੇ ਹੋ ਜਿਵੇਂ ਕਿ ਕਾਰੋਬਾਰ, ਪੁਲਿਸ, ਤੁਹਾਡਾ ਬੈਂਕ ਜਾਂ ਸਰਕਾਰੀ ਸੇਵਾਵਾਂ।
CHECK.
ਜਾਂਚੋ
ਆਪਣੇ ਆਪ ਨੂੰ ਪੁੱਛੋ - ਕੀ ਮੈਸੇਜ ਜਾਂ ਕਾਲ ਜਾਅਲੀ ਹੋ ਸਕਦੀ ਹੈ?
ਕਦੇ ਵੀ ਕਿਸੇ ਮੈਸੇਜ ਵਿੱਚ ਦਿੱਤੇ ਕਿਸੇ ਲਿੰਕ 'ਤੇ ਕਲਿੱਕ ਨਾ ਕਰੋ। ਕਾਰੋਬਾਰਾਂ ਜਾਂ ਸਰਕਾਰ ਨਾਲ ਸਿਰਫ਼ ਉਸ ਸੰਪਰਕ ਜਾਣਕਾਰੀ ਦੀ ਵਰਤੋਂ ਕਰਦੇ ਹੋਏ ਸੰਪਰਕ ਕਰੋ ਜੋ ਤੁਸੀਂ ਆਪਣੇ ਆਪ ਉਹਨਾਂ ਦੀ ਅਧਿਕਾਰਤ ਵੈੱਬਸਾਈਟ ਜਾਂ ਐਪ ਤੋਂ ਲੱਭੀ ਹੈ। ਜੇਕਰ ਯਕੀਨ ਨਾ ਹੋਵੇ, ਤਾਂ 'ਨਾਂਹ' ਕਹੋ, ਫ਼ੋਨ ਕੱਟ ਦਿਓ ਜਾਂ ਮੈਸੇਜ ਨੂੰ ਡਿਲੀਟ ਕਰੋ ।
PROTECT.
ਬਚਾਉ
ਜੇ ਕੁਝ ਗਲਤ ਲੱਗਦਾ ਹੈ ਤਾਂ ਜਲਦੀ ਕਾਰਵਾਈ ਕਰੋ।
ਜੇਕਰ ਤੁਸੀਂ ਕੋਈ ਅਜੀਬ ਗਤੀਵਿਧੀ ਦੇਖਦੇ ਹੋ ਜਾਂ ਜੇਕਰ ਕਿਸੇ ਠੱਗੀ ਮਾਰਨ ਵਾਲੇ ਨੂੰ ਤੁਹਾਡਾ ਪੈਸਾ ਜਾਂ ਜਾਣਕਾਰੀ ਮਿਲ ਜਾਂਦੀ ਹੈ ਤਾਂ ਆਪਣੇ ਬੈਂਕ ਨਾਲ ਸੰਪਰਕ ਕਰੋ। ਮਦਦ ਪ੍ਰਾਪਤ ਕਰੋ ਅਤੇ ਸਾਨੂੰ ਘੁਟਾਲੇ ਦੀ ਰਿਪੋਰਟ ਕਰੋ। ਜਦੋਂ ਤੁਸੀਂ ਘੁਟਾਲੇ ਦੀ ਰਿਪੋਰਟ ਕਰਦੇ ਹੋ, ਤਾਂ ਤੁਸੀਂ ਘੁਟਾਲੇ ਨੂੰ ਰੋਕਣ ਅਤੇ ਦੂਜਿਆਂ ਨੂੰ ਚੇਤਾਵਨੀ ਦੇਣ ਵਿੱਚ ਸਾਡੀ ਮਦਦ ਕਰਦੇ ਹੋ।
ਪੰਜਾਬੀ ਵਿੱਚ ਇਹ ਸਮੱਗਰੀ ਤੁਹਾਨੂੰ ਘੁਟਾਲਿਆਂ ਨੂੰ ਪਛਾਣਨ ਅਤੇ ਉਹਨਾਂ ਤੋਂ ਬਚਣ ਵਿੱਚ ਮਦਦ ਕਰ ਸਕਦੀ ਹੈ।
ਘੋਟਾਲਿਆਂ ਨਾਲ ਲੜਨ ਵਿੱਚ ਸ਼ਾਮਲ ਹੋਵੋ
ਰੁਕੋ।ਜਾਂਚੋ।ਬਚਾਉ ਦਾ ਪ੍ਰਚਾਰ ਕਰੋ।: ਇਹਨਾਂ ਪੋਸਟਰਾਂ, ਚਿੱਤਰਾਂ ਅਤੇ ਆਡੀਓ ਕਲਿੱਪਾਂ ਦੀ ਵਰਤੋਂ ਕਰਦੇ ਹੋਏ, ਤੁਹਾਡੇ ਕੰਮ ਵਾਲੀ ਥਾਂ, ਭਾਈਚਾਰੇ ਜਾਂ ਪਰਿਵਾਰ ਵਿੱਚ, ਸਾਨੂੰ ਸਾਰਿਆਂ ਨੂੰ ਘੁਟਾਲਿਆਂ ਤੋਂ ਸੁਰੱਖਿਅਤ ਰੱਖਣ ਲਈ 3 ਸਧਾਰਨ ਕਦਮ।
ਸੋਸ਼ਲ ਮੀਡੀਆ ਪੋਸਟ - ਫਿਸ਼ਿੰਗ ਘੁਟਾਲੇ (ਈ-ਮੇਲ ਰਾਹੀਂ ਤੁਹਾਡੀ ਜਾਣਕਾਰੀ ਹਾਸਲ ਕਰਨਾ)
ਫਿਸ਼ਿੰਗ ਘੁਟਾਲਿਆਂ ਦੀ ਪਛਾਣ ਕਰਨ ਵਿੱਚ ਦੂਜਿਆਂ ਦੀ ਮਦਦ ਕਰਨ ਲਈ ਇਸ ਸੋਸ਼ਲ ਮੀਡੀਆ ਪੋਸਟ ਨੂੰ ਸਾਂਝਾ ਕਰੋ।
ਘੁਟਾਲੇਬਾਜ਼ ਉਹ ਕਾਰੋਬਾਰ ਹੋਣ ਦਾ ਦਿਖਾਵਾ ਕਰਦੇ ਹਨ ਜਿਨ੍ਹਾਂ 'ਤੇ ਤੁਸੀਂ ਭਰੋਸਾ ਕਰਦੇ ਹੋ ਜਿਵੇਂ ਕਿ ਬੈਂਕ, ਅਤੇ ਇੰਟਰਨੈੱਟ ਜਾਂ ਫ਼ੋਨ ਸੇਵਾਵਾਂ।
ਉਹ ਤੁਹਾਡੀ ਨਿੱਜੀ ਜਾਣਕਾਰੀ ਹਥਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਉਹ ਤੁਹਾਡੇ ਪੈਸੇ ਚੋਰੀ ਕਰ ਸਕਣ ਅਤੇ ਹੋਰ ਜੁਰਮ ਕਰ ਸਕਣ।
ਅਗਲੀ ਵਾਰ ਜਦੋਂ ਤੁਹਾਨੂੰ ਕੋਈ ਜਾਣਕਾਰੀ ਦੇਣ ਦੀ ਬੇਨਤੀ ਕਰਨ ਵਾਲੀ ਕੋਈ ਈਮੇਲ ਜਾਂ ਸੁਨੇਹਾ ਆਉਂਦਾ ਹੈ, ਤਾਂ ਰੁਕੋ। ਜਾਂਚੋ। ਬਚਾਉ ਕਰੋ।
ਘੁਟਾਲੇ ਦੀ ਹੋਰ ਜਾਣਕਾਰੀ ਲਈ, www.scamwatch.gov.au/punjabi 'ਤੇ ਜਾਓ।
ਸੋਸ਼ਲ ਮੀਡੀਆ ਪੋਸਟ - ਜਾਅਲੀ ਬਿਲ ਵਾਲੇ ਘਪਲੇ
ਜਾਅਲੀ ਬਿਲ ਵਾਲੇ ਘਪਲੇ ਦੀ ਪਛਾਣ ਕਰਨ ਵਿੱਚ ਦੂਜਿਆਂ ਦੀ ਮਦਦ ਕਰਨ ਲਈ ਇਸ ਸੋਸ਼ਲ ਮੀਡੀਆ ਪੋਸਟ ਨੂੰ ਸਾਂਝਾ ਕਰੋ।
ਘਪਲੇਬਾਜ਼ ਉਸ ਕਾਰੋਬਾਰ ਤੋਂ ਹੋਣ ਦਾ ਦਿਖਾਵਾ ਕਰਦੇ ਹਨ ਜਿਸਦੀ ਵਰਤੋਂ ਤੁਸੀਂ ਪਹਿਲਾਂ ਕੀਤੀ ਹੈ ਅਤੇ ਤੁਹਾਨੂੰ ਭੁਗਤਾਨ ਕਰਨ ਲਈ ਜਾਅਲੀ ਜਾਣਕਾਰੀ ਵਾਲਾ ਬਿੱਲ ਭੇਜਦੇ ਹਨ।
ਆਪਣੇ ਆਪ ਨੂੰ ਸੁਰੱਖਿਅਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਭੁਗਤਾਨ ਅਤੇ ਬੈਂਕ ਵੇਰਵਿਆਂ ਦੀ ਪੁਸ਼ਟੀ ਕਰਨ ਲਈ ਕਾਰੋਬਾਰ ਨੂੰ ਫ਼ੋਨ ਕਰੋ। ਯਕੀਨੀ ਬਣਾਉ ਕਿ ਤੁਹਾਡੇ ਕੋਲ ਪਹਿਲਾਂ ਤੋਂ ਮੌਜੂਦ ਫ਼ੋਨ ਨੰਬਰ ਦੀ ਵਰਤੋਂ ਕਰੋ, ਨਾ ਕਿ ਬਿੱਲ ਤੇ ਦਿੱਤੇ ਫ਼ੋਨ ਨੰਬਰ ਦੀ।
ਘੁਟਾਲੇ ਦੀ ਹੋਰ ਜਾਣਕਾਰੀ ਲਈ, www.scamwatch.gov.au/punjabi 'ਤੇ ਜਾਓ।
ਸੋਸ਼ਲ ਮੀਡੀਆ ਪੋਸਟ - ਭੇਸ ਬਦਲ ਕੇ ਘਪਲੇ
ਸੋਸ਼ਲ ਮੀਡੀਆ ਪੋਸਟ - ਭੇਸ ਬਦਲ ਕੇ ਹੋਣ ਵਾਲੇ ਘਪਲਿਆਂ ਦੀ ਪਛਾਣ ਕਰਨ ਵਿੱਚ ਦੂਜਿਆਂ ਦੀ ਮਦਦ ਕਰਨ ਲਈ ਇਸ ਸੋਸ਼ਲ ਮੀਡੀਆ ਪੋਸਟ ਨੂੰ ਸਾਂਝਾ ਕਰੋ।
ਆਸਟ੍ਰੇਲੀਆ ਸਰਕਾਰ ਤੁਹਾਨੂੰ ਧਮਕੀ ਨਹੀਂ ਦੇਵੇਗੀ, ਪਰ ਘੁਟਾਲੇਬਾਜ਼ ਦੇਣਗੇ।
ਘੁਟਾਲੇਬਾਜ਼ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਹਨ ਅਤੇ ਕਿਸੇ ਵਿਅਕਤੀ ਜਾਂ ਸੰਸਥਾ ਦੀ ਨਕਲ ਕਰ ਸਕਦੇ ਹਨ।
ਕਈ ਵਾਰ ਉਹ ਤੁਹਾਨੂੰ ਗ੍ਰਿਫਤਾਰੀ, ਦੇਸ਼ ਨਿਕਾਲੇ, ਜਾਂ ਸਰੀਰਕ ਨੁਕਸਾਨ ਦੀ ਧਮਕੀ ਵੀ ਦੇਣਗੇ, ਜੇਕਰ ਤੁਸੀਂ ਉਹਨਾਂ ਨੂੰ ਤੁਰੰਤ ਭੁਗਤਾਨ ਕਰਨ ਲਈ ਸਹਿਮਤ ਨਹੀਂ ਹੁੰਦੇ ਹੋ।
ਇੰਟਰਨੈੱਟ ਤੇ ਲੱਭ ਕੇ ਤੁਹਾਨੂੰ ਮਿਲੇ ਸੰਪਰਕ ਵੇਰਵਿਆਂ ਦੀ ਵਰਤੋਂ ਕਰਕੇ ਸੰਸਥਾ ਨੂੰ ਵਾਪਸ ਫ਼ੋਨ ਕਰਕੇ ਜਾਂਚ ਕਰੋ ਕਿ ਉਹ ਵਿਅਕਤੀ ਉਹ ਹੈ ਜੋ ਉਹ ਕਹਿੰਦੇ ਹਨ।
ਘੁਟਾਲੇ ਦੀ ਹੋਰ ਜਾਣਕਾਰੀ ਲਈ, www.scamwatch.gov.au/punjabi 'ਤੇ ਜਾਓ।
ਪੋਸਟਰ - ਘੁਟਾਲੇ ਦੇ ਅੰਕੜੇ
ਇਹ ਪੋਸਟਰ ਦਿਖਾਉਂਦਾ ਹੈ ਕਿ ਕਿਵੇਂ ਘੁਟਾਲੇ ਆਸਟ੍ਰੇਲੀਆ ਵਿੱਚ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਭਾਈਚਾਰਿਆਂ ਨੂੰ ਪ੍ਰਭਾਵਿਤ ਕਰ ਰਹੇ ਹਨ।
ਧੋਖਾਧੜੀ ਦਾ ਸ਼ਿਕਾਰ ਹੋਣ ਵਿੱਚ ਕੋਈ ਸ਼ਰਮ ਦੀ ਗੱਲ ਨਹੀਂ ਹੈ
ਇਹ ਸਾਡੇ ਵਿੱਚੋਂ ਕਿਸੇ ਨਾਲ ਵੀ ਹੋ ਸਕਦਾ ਹੈ। ਅਸੀਂ ਤੁਹਾਨੂੰ ਇਸ ਜਾਣਕਾਰੀ ਨੂੰ ਅਤੇ ਆਪਣੇ ਨਿੱਜੀ ਘੁਟਾਲੇ ਦੇ ਤਜ਼ਰਬਿਆਂ ਨੂੰ ਆਪਣੇ ਦੋਸਤਾਂ, ਪਰਿਵਾਰ ਅਤੇ ਭਾਈਚਾਰੇ ਨਾਲ ਸਾਂਝਾ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਇਹ ਕਿਸੇ ਹੋਰ ਵਿਅਕਤੀ ਦੇ ਪੈਸੇ ਜਾਂ ਨਿੱਜੀ ਜਾਣਕਾਰੀ ਨੂੰ ਚੋਰੀ ਹੋਣ ਤੋਂ ਰੋਕਣ ਵਿੱਚ ਮਦਦ ਕਰ ਸਕਦਾ ਹੈ। ਜਿੰਨਾ ਜ਼ਿਆਦਾ ਅਸੀਂ ਗੱਲ ਕਰਦੇ ਹਾਂ, ਘੁਟਾਲੇ ਕਰਨ ਵਾਲਿਆਂ ਦੀ ਸਮਰੱਥਾ ਓਨੀ ਹੀ ਘੱਟ ਜਾਂਦੀ ਹੈ।
ਘੁਟਾਲੇ ਦੀ ਰਿਪੋਰਟ ਕਰੋ
ਕਿਸੇ ਘੁਟਾਲੇ ਦੀ ਰਿਪੋਰਟ Scamwatch ਨੂੰ ਕਰਨ ਨਾਲ ਸਾਨੂੰ ਨਵੀਨਤਮ ਘੁਟਾਲਿਆਂ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਜੋ ਅਸੀਂ ਉਹਨਾਂ ਦੀ ਪਛਾਣ ਕਰ ਸਕੀਏ ਅਤੇ ਉਹਨਾਂ ਨੂੰ ਰੋਕ ਸਕੀਏ। ਇਹ ਨਵੇਂ ਜਾਂ ਉੱਭਰ ਰਹੇ ਘੁਟਾਲਿਆਂ ਬਾਰੇ ਭਾਈਚਾਰੇ ਨੂੰ ਚੇਤਾਵਨੀ ਦੇਣ ਵਿੱਚ ਸਾਡੀ ਮਦਦ ਕਰਦਾ ਹੈ ਅਤੇ ਸਾਨੂੰ ਇਸ ਜਾਣਕਾਰੀ ਨੂੰ ਕਾਨੂੰਨ ਲਾਗੂ ਕਰਨ ਵਾਲਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਨਾਲ ਸਾਂਝਾ ਕਰਨ ਦੇ ਯੋਗ ਬਣਾਉਂਦਾ ਹੈ ਤਾਂ ਜੋ ਉਹ ਘੋਟਾਲੇਬਾਜ਼ਾਂ ਦੀ ਜਾਂਚ ਕਰ ਸਕਣ ਅਤੇ ਉਹਨਾਂ ਤੇ ਮੁਕੱਦਮਾ ਚਲਾਉਣ ਵਿੱਚ ਮਦਦ ਕੀਤੀ ਜਾ ਸਕੇ।
ਸਾਡਾ ਔਨਲਾਈਨ ਰਿਪੋਰਟ ਕਰਨ ਵਾਲਾ ਫਾਰਮ ਅੰਗਰੇਜ਼ੀ ਵਿੱਚ ਹੈ। ਜੇਕਰ ਤੁਹਾਨੂੰ ਕਿਸੇ ਹੋਰ ਭਾਸ਼ਾ ਵਿੱਚ ਘੁਟਾਲੇ ਦੀ ਰਿਪੋਰਟ ਕਰਨ ਦੀ ਲੋੜ ਹੈ, ਤਾਂ ਤੁਸੀਂ ਅਨੁਵਾਦ ਅਤੇ ਦੁਭਾਸ਼ੀਏ ਸੇਵਾ ਨੂੰ 131 450 'ਤੇ ਫ਼ੋਨ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਸਾਡੀ ਟੀਮ (1300 302 502 'ਤੇ) ਨਾਲ ਜੋੜਨ ਲਈ ਕਹਿ ਸਕਦੇ ਹੋ। ਸਾਡੇ ਸਟਾਫ ਨੂੰ ਦੁਭਾਸ਼ੀਏ ਦੀ ਮਦਦ ਨਾਲ ਤੁਹਾਡੀ ਘੁਟਾਲੇ ਦੀ ਰਿਪੋਰਟ ਰਿਕਾਰਡ ਕਰਨ ਵਿੱਚ ਖੁਸ਼ੀ ਹੋਵੇਗੀ।